ਕਿੱਸਾ ਕਾਵਿਧਾਰਾ ਲੌਕਿਕ ਸਾਹਿਤ ਦਾ ਅੰਗ ਹੈ। ਜਿਸ ਵਿਚ ਪੰਜਾਬੀ ਸਭਿਆਚਾਰ ਦੀ ਪੇਸ਼ਕਾਰੀ ਇੱਕ ਵੱਡੇ ਧਰਾਤਲ ਉਪਰ ਹੋਈ ਹੈ। ਇਸ ਕਾਵਿਧਾਰਾ ਵਿਚ ਆਮ ਜਨ- ਜੀਵਨ ਦੇ ਦੁੱਖ-ਦਰਦ, ਪ੍ਰੇਮ, ਸੂਰਮਗਤੀ ਅਤੇ ਤਿਆਗ ਦਾ ਵਰਣਨ ਮਿਲਦਾ ਹੈ। ਇਸ ਕਾਵਿ ਰੂਪ ਨੇ ਸਭਿਆਚਾਰਕ ਜੀਵਨ ਦੀ ਪੇਸ਼ਕਾਰੀ ਕਰਦਿਆਂ ਮਨੁੱਖੀ ਮਨੋਭਾਵਾਂ ਦੇ ਚਿੱਤਰਨ ਰਾਹੀ ਨਵੀ ਦਿਲਚਸਪੀ ਪੈਦਾ ਕੀਤੀ ਹੈ। ਪਰੰਪਰਕ ਵਿਸ਼ਿਆਂ ਨੂੰ ਤਿਆਗ ਕੇ ਕਿੱਸਾ ਕਵੀਆਂ ਨੇ ਦੇਵਤਿਆਂ ਦੀ ਥਾਂ ਮਨੁੱਖ ਨੂੰ ਨਾਇਕ ਦੇ ਰੂਪ ਵਿਚ ਪੇਸ਼ ਕੀਤਾ। ਸਮਾਜ ਵਿਚ ਮਨੁੱਖ ਦੀ ਹੋਂਦ, ਰਿਸ਼ਤਾ-ਪ੍ਰਣਾਲੀਆਂ, ਪੂਜਾ-ਵਿਧਾਨ, ਰੀਤਾਂ-ਰਸਮਾਂ ਆਦਿ ਦਾ ਵਿਸ਼ਾਲ ਵਰਣਨ ਕਿੱਸਿਆਂ ਵਿੱਚ ਪੇਸ਼ ਹੋਇਆ ਹੈ। ਕਿੱਸਾ ਭਾਵੇਂ ਪਿਆਰ ਨਾਲ ਸੰਬੰਧਤ ਹੋਵੇ ਜਾਂ ਸੂਰਮਗਤੀ ਨਾਲ, ਉਸ ਵਿਚੋਂ ਸਮਾਜ ਦੀ ਤਸਵੀਰ ਪੇਸ਼ ਹੁੰਦੀ ਹੈ। ਇਸ ਤਰ੍ਹਾਂ ਕਿੱਸਾ ਆਪਣੇ ਸਮੇਂ ਦੇ ਰਾਜਨੀਤਿਕ, ਸਮਾਜਿਕ, ਆਰਥਿਕ, ਭਾਈਚਾਰਕ, ਧਾਰਮਿਕ ਅਤੇ ਮਨੋਵਿਗਿਆਨਕ ਰੁਚੀਆਂ ਦੀ ਗਵਾਹੀ ਦਿੰਦਾ ਹੈ।
ਪੰਜਾਬੀ ਸਾਹਿਤ ਵਿਚ ਕਿੱਸਾ ਕਾਵਿ ਧਾਰਾ ਦਾ ਆਰੰਭ ਮੱਧਕਾਲ ਵਿਚ ਦਮੋਦਰ ਦੀ ‘ਹੀਰ’ ਦੇ ਪ੍ਰਮਾਣ ਨਾਲ ਹੁੰਦਾ ਹੈ। ਮੱਧਕਾਲ ਵਿਚ ਪੰਜਾਬ ਵਿਚ ਸਾਮੀ ਸਭਿਆਚਾਰ ਦੇ ਪ੍ਰਵੇਸ਼ ਨਾਲ ਦੋ ਵੱਖ-ਵੱਖ ਸਭਿਆਚਾਰਾਂ ਦੇ ਟਕਰਾਉ ਵਜੋਂ ਕੁਝ ਤਣਾਅ ਅਤੇ ਫਿਰ ਸੁਮੇਲ ਦੀ ਅਵਸਥਾ ਬਣਦੀ ਹੈ। ਸਿੱਟੇ ਵਜੋਂ ਸਾਹਿਤ ਦੇ ਨਵੇਂ ਰੂਪਾਕਾਰ ਹੋਂਦ ਵਿਚ ਆਉਦੇ ਹਨ। ਕਿੱਸਾ ਕਾਵਿ ਧਾਰਾ ਇਹਨਾਂ ਵਿਚੋਂ ਇਕ ਹੈ। ਸਤਾਰ੍ਹਵੀਂ ਸਦੀ ਤੋਂ ਲੈ ਕੇ ਵੀਹਵੀਂ ਸਦੀ ਦੀ ਆਮਦ ਤਕ ਦਮੋਦਰ, ਪੀਲੂ, ਹਾਫਿਜ਼ ਬਰਖ਼ੁਰਦਾਰ, ਮੁਕਬਲ, ਵਾਰਿਸ ਸ਼ਾਹ, ਅਹਿਮਦਯਾਰ, ਹਾਸ਼ਮ, ਕਾਦਰਯਾਰ, ਜੋਗ ਸਿੰਘ, ਭਗਵਾਨ ਸਿੰਘ, ਦੌਲਤ ਰਾਮ, ਹਜੂਰਾ ਸਿੰਘ ਬੁਟਾਹਰੀ, ਕਾਦਰਯਾਰ ਕਿਸ਼ਨ ਸਿੰਘ ਆਰਫ਼, ਕਿਸ਼ੋਰ ਚੰਦ, ਬਾਬੂ ਰਜਬ ਅਲੀ ਆਦਿ ਪ੍ਰਮੁੱਖ ਕਿੱਸਾਕਾਰਾਂ ਨੇ ਇਸ ਸਾਹਿਤ ਵਿਧਾ ਨੂੰ ਪ੍ਰਫਲਤ ਕਰਨ ਵਿੱਚ ਆਪਣਾ ਯੋਗਦਾਨ ਪਾਇਆ।
ਮੱਧਕਾਲ ਵਿਚ ਵਾਰਿਸ ਦੀ ਹੀਰ ਨਾਲ ਇਹ ਕਾਵਿ ਧਾਰਾ ਆਪਣੇ ਸਿਖਰ ਉਪੱਰ ਜਾ ਪਹੁੰਚਦੀ ਹੈ। ਇਹ ਸਿਖਰ ਕਾਦਰ ਯਾਰ ਦੇ ‘ਪੂਰਨ’ ਭਗਤ ਤਕ ਕਾਇਮ ਰਹਿੰਦਾ ਹੈ। ਜਿਸ ਵਿਚ ਹੀਰ-ਰਾਂਝਾ, ਸੱਸੀ-ਪੁੰਨੂੰ, ਸੋਹਣੀ-ਮਹੀਵਾਲ, ਪੂਰਨ ਭਗਤ ਆਦਿ ਕਥਾਵਾਂ ਰਾਹੀਂ ਦੁਹਰਾਉ ਅਤੇ ਨਿਵੇਕਲੇ ਬਿਆਨ ਢੰਗ ਨਾਲ ਚਲਦਾ ਰਹਿੰਦਾ ਹੈ। ਉਨ੍ਹੀਵੀਂ ਸਦੀ ਦੇ ਦੂਜੇ ਅੱਧ ਵਿਚ ਕਿੱਸਾਕਾਰੀ ਨੇ ਫਿਰ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ। ਮਾਲਵਾ ਭੂ-ਭਾਗ ਵਿਚ ਰਾਜਸੀ ਅਮਨ-ਚੈਨ ਕਾਇਮ ਹੋਣ ਕਾਰਨ ਇੱਥੋਂ ਦੇ ਲੋਕਾਂ ਦਾ ਧਿਆਨ ਲਲਿਤ ਕਲਾਵਾਂ ਵੱਲ ਮੁੜਿਆ। ਇਸ ਸਮੇਂ ਕਿੱਸਿਆਂ ਨੂੰ ਗਾਇਨ ਸ਼ੈਲੀ ਦੇ ਰੂਪ ਵਿਚ ਵਧੇਰੇ ਮਾਨਤਾ ਮਿਲੀ। ਸਿੱਟੇ ਵਜੋਂ ਕਿੱਸਾ ਕਾਵਿ ਨੇ ‘ਕਵੀਸ਼ਰੀ’ ਦਾ ਰੂਪ ਧਾਰਨ ਕੀਤਾ।
Dr. Simranjit Kaur
(TGT PUNJABI)
Kundan International School
Chandigarh