ਗਲੋਬਲਾਈਜ਼ੇਸ਼ਨ ਦਾ ਵਰਤਾਰਾ ਕੋਈ ਪਿਛਲੀ ਪੰਜ ਜਾਂ ਦਸ ਸਾਲਾਂ ਦੀ ਗੱਲ ਨਹੀਂ ਜੇਕਰ ਇਸ ਨੂੰ ਬਿਆਨ ਕਰਨਾ ਹੋਵੇ ਤਾਂ ਸਾਨੂੰ ਪਿਛਲੀ ਇੱਕ ਸਦੀ ਦੇ ਇਤਿਹਾਸ ਉਪਰ ਝਾਤ ਮਾਰਨੀ ਪਵੇਗੀ ਜਿਸ ਤੋ ਅਸੀਂ ਇਸ ਨਵੇਂ ਵਰਤਾਰੇ ਬਾਰੇ ਜਾਣੂ ਹੋ ਸਕਦੇ ਹਾਂ | ਸੰਸਾਰ ਯੁੱਧਾਂ ਦੇ ਸਿੱਟੇ ਵਜੋਂ ਸਾਰਾ ਸੰਸਾਰ ਦੋ ਸੁਪਰ ਤਾਕਤਾਂ ਅਧੀਨ ਆ ਗਿਆ | ਇਹ ਦੋ ਸੁਪਰ ਤਾਕਤਾਂ ਅਮਰੀਕਾ ਅਤੇ ਰੂਸ ਸਨ ,ਜਿਹੜੀਆਂ ਸਾਰੇ ਸੰਸਾਰ ਵਿੱਚ ਆਪਣੀਆਂ ਬਸਤੀਆਂ ਬਣਾ ਕੇ ਰਾਜ ਕਰਨ ਲਈ ਉਤਸੁਕ ਸਨ | ਇਨ੍ਹਾਂ ਸੁਪਰ ਤਾਕਤਾਂ ਦਾ ਸੰਸਾਰ ਉੱਪਰ ਰਾਜ ਕਰਨ ਲਈ ਪਹਿਲਾ ਕਦਮ ਵਿਸ਼ਵ ਪੱਧਰ ਉੱਪਰ ਮੰਡੀਕਰਨ ਦੀ ਵਿਵਸਥਾ ਨੂੰ ਕਾਇਮ ਕਰਨਾ ਸੀ ਇਸ ਤਰ੍ਹਾਂ ਸਾਰੇ ਸੰਸਾਰ ਵਿੱਚ ਸਮਾਜਿਕ ਆਰਥਿਕ ਢਾਂਚੇ ਦਾ ਨਿਰਮਾਣ ਸ਼ੁਰੂ ਹੋਇਆ | ਇਸ ਦਾ ਵਿਕਾਸ ਬਰਤਾਨੀਆ ਤੋ ਸ਼ੁਰੂ ਹੋ ਕੇ ਪੱਛਮੀ ਯੂਰਪ ਦੇ ਦੇਸ਼ਾਂ ਵਿੱਚੋਂ ਹੁੰਦਾ ਹੋਇਆ ਅੱਜ ਸਾਰੀ ਦੁਨੀਆਂ ਵਿੱਚ ਫੈਲ ਚੁੱਕਾ ਹੈ ਇਸੇ ਨੂੰ ਹੀ ਅਸੀਂ ਗਲੋਬਲਾਈਜ਼ੇਸ਼ਨ ਦਾ ਨਾਂ ਦਿੰਦੇ ਹਾਂ |
ਗਲੋਬਲਾਈਜੇਸ਼ਨ ਅਜਿਹਾ ਵਰਤਾਰਾ ਹੈ ਜਿਹੜਾ ਅਨਿਸ਼ਚਿਤ ਫ਼ਾਸਲਿਆਂ ਵਿਚਕਾਰ ਵਿਚਾਰਾਂ ਅਤੇ ਪਦਾਰਥਾਂ ਦੇ ਆਦਾਨ ਪ੍ਰਦਾਨ , ਵਿਅਕਤੀਤਵ ਦੀ ਰਾਖੀ ਅਤੇ ਸੱਭਿਆਚਾਰਕ ਆਧੁਨਿਕਤਾ ਦੇ ਅਰਥਾਂ ਵਿੱਚ ਲੈਂਦੇ ਹਾਂ |ਸੰਸਾਰ ਉੱਪਰ ਰਾਜ ਕਰਨ ਦਾ ਵਿਕਸਤ ਦੇਸ਼ਾਂ ਦਾ ਸਭ ਤੋ ਪਹਿਲਾ ਕਦਮ G-7 ਦੀ ਸਥਾਪਨਾ ਸੀ ਜਿਸ ਵਿੱਚ ਅਮਰੀਕਾ , ਕੈਨੇਡਾ , ਫਰਾਂਸ , ਇਟਲੀ , ਇੰਗਲੈਂਡ , ਜਰਮਨੀ ਅਤੇ ਜਾਪਾਨ ਸ਼ਾਮਲ ਹਨ | ਇਨ੍ਹਾਂ ਅਮੀਰ ਅਤੇ ਵਿਕਸਿਤ ਦੇਸ਼ਾਂ ਦੀਆਂ ਸਾਂਝੀਆਂ ਵਪਾਰਕ ਨੀਤੀਆਂ ਨੇ ਅਣਵਿਕਸਿਤ ਦੇਸ਼ਾਂ ਨੂੰ ਮਜਬੂਰੀਵੱਸ ਉਨ੍ਹਾਂ ਅੱਗੇ ਝੁਕਣ ਲਈ ਤਿਆਰ ਕਰ ਲਿਆ | ਵਿਦਵਾਨਾਂ ਦਾ ਮੱਤ ਹੈ ਕਿ ਗਲੋਬਲਾਈਜ਼ੇਸ਼ਨ ਉੱਤਰ ਆਧੁਨਿਕਤਾ ਜਾਂ ਪੂੰਜੀਵਾਦ ਦਾ ਇਕ ਅਗਲਾ ਪੜਾਅ ਹੈ , ਜਿਸ ਅਧੀਨ ਅਮਰੀਕਾ , ਇੰਗਲੈਂਡ ਵਰਗੀਆਂ ਸ਼ਕਤੀਆਂ ਨੇ ਬਸਤੀਵਾਦੀ ਵਿਵਸਥਾ ਰਾਹੀਂ ਆਪਣੀ ਆਰਥਿਕ ਸਥਿਤੀ ਨੂੰ ਹੋਰ ਮਜ਼ਬੂਤ ਕੀਤਾ ਅਤੇ ਭਾਰਤ ਵਰਗੇ ਵਿਕਾਸਸ਼ੀਲ ਦੇਸ਼ਾਂ ਤੋ ਘੱਟ ਕੀਮਤਾਂ ਤੇ ਕੱਚਾ ਮਾਲ ਲੈ ਕੇ ਆਪਣੇ ਦੇਸ਼ ਦਾ ਠੱਪਾ ਲਾ ਕੇ ਮੁੜ ਭਾਰਤ ਵਿੱਚ ਉਸੇ ਵਸਤੂ ਨੂੰ ਆਪਣੀਆਂ ਮਨਚਾਹਿਆ ਕੀਮਤਾਂ ਵਿਚ ਵੇਚਿਆ | ਚੌਮਸਕੀ ਇਸ ਨੂੰ ਨਿੰਦਦਾ ਹੈ ਤੇ ਇਸ ਨੂੰ ਪੱਛਮੀ ਪੂੰਜੀਵਾਦ ਦਾ‘ਰਾਜਸੀ ਫਰੌਡ’ ਆਖਦਾ ਹੈ ਜਿਸ ਨਾਲ ਤੀਜੀ ਦੁਨੀਆਂ ਦੇ ਦੇਸ਼ਾਂ ਲਈ ਸਥਿਤੀ ਹੋਰ ਅਣਸੁਖਾਵੀਂ ਤੇ ਘੁਟਣ ਵਾਲੀ ਹੋ ਜਾਂਦੀ ਹੈ |
ਅਸੀਂ ਇਕ ਅਜਿਹੇ ਸੰਸਾਰ ਵਿਚ ਰਹਿ ਰਹੇ ਹਾਂ ਜਿਸ ਵਿੱਚ ਵੱਖ ਵੱਖ ਸੱਭਿਆਚਾਰਕ , ਆਰਥਿਕ , ਇਤਿਹਾਸਕ , ਰਾਜਨੀਤਿਕ ਵੱਖਰਤਾ ਹੁੰਦੇ ਹੋਏ ਵੀ ਸਾਰਾ ਸੰਸਾਰ ਇਕ ਕੜੀ ਵਾਂਗ ਇੱਕ ਦੂਜੇ ਨਾਲ ਜੁੜਿਆ ਹੋਇਆ ਹੈ | ਗਲੋਬਲਾਈਜ਼ੇਸ਼ਨ ਨੂੰ ਮੁੱਖ ਤੌਰ ਤੇ ਸਿਰਫ਼ ਵਿਸ਼ਵ ਵਪਾਰ ਦੇ ਅਰਥਾਂ ਵਿੱਚ ਲਿਆ ਜਾਂਦਾ ਹੈ ਪਰ ਇਹ ਇਸ ਤੋ ਵੀ ਕਿਤੇ ਜ਼ਿਆਦਾ ਵਿਸ਼ਾਲ ਅਰਥ ਧਾਰਨ ਕਰਨ ਦੀ ਸਮਰੱਥਾ ਰੱਖਦਾ ਹੈ | ਭਾਵੇਂ ਗਲੋਬਲਾਈਜ਼ੇਸ਼ਨ ਦਾ ਮੁੱਖ ਮੰਤਵ ਵਪਾਰ ਹੀ ਸੀ ਪਰ ਇਸ ਦੇ ਸਿੱਟੇ ਵਜੋਂ ਸਾਡੀ ਆਮ ਜ਼ਿੰਦਗੀ ਵਿੱਚ ਕਈ ਹਾਂ ਪੱਖੀ ਅਤੇ ਨਾਂਹ ਪੱਖੀ ਤਬਦੀਲੀਆਂ ਵਾਪਰੀਆਂ ਹਨ ,ਜਿਨ੍ਹਾਂ ਨਾਲ ਸਾਡੀਆਂ ਸੁੱਖ ਸਹੂਲਤਾਂ ਵਿੱਚ ਜਿੱਥੇ ਵਾਧਾ ਹੋਇਆ ਉੱਥੇ ਸੱਭਿਆਚਾਰਕ ਢਾਂਚੇ ਨੂੰ ਵੀ ਠੇਸ ਪਹੁੰਚੀ ਹੈ |
ਅੱਜ ਵਿਗਿਆਨ ਦਾ ਯੁੱਗ ਹੈ ਇਸ ਯੁੱਗ ਵਿੱਚ ਹਰੇਕ ਮਨੁੱਖ ਇੱਕ ਦੂਜੇ ਤੋ ਅੱਗੇ ਲੱਗਣ ਲੰਘਣ ਲਈ ਉਤਾਵਲਾ ਹੈ | ਇਸ ਦੌੜ ਵਿੱਚ ਉਹ ਆਪਣਾ ਕਾਫ਼ੀ ਕੁਝ ਦਾਅ ਤੇ ਲਾ ਦਿੰਦਾ ਹੈ | ਜਿਵੇਂ ਧਰਮ , ਸੰਸਕ੍ਰਿਤੀ , ਕਦਰਾਂ – ਕੀਮਤਾਂ , ਰਹਿਣ – ਸਹਿਣ , ਪਹਿਰਾਵਾ , ਖਾਣ – ਪੀਣ ਅਤੇ ਹੋਰ ਬਹੁਤ ਕੁਝ | ਅੱਜ ਦੇ ਪੂੰਜੀਵਾਦੀ ਅਤੇ ਆਧੁਨਿਕਤਾ ਵਾਲੀ ਗਲੋਬਲਾਈਜ਼ੇਸ਼ਨ ਨੇ ਸਾਡੇ ਜੀਵਨ ਨੂੰ ਹਰ ਪੱਖੋਂ ਉਲਝਣ ਵਿਚ ਪਾਇਆ ਹੋਇਆ ਹੈ | ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਭਾਰਤ ਦਾ ਪ੍ਰਵੇਸ਼ ਦੁਆਰ ਹੋਣ ਕਰਕੇ ਸ਼ੁਰੂ ਤੋ ਹੀ ਕਈ ਸੱਭਿਆਚਾਰਾਂ ਦਾ ਮਿਲਗੋਭਾ ਰਿਹਾ ਹੈ | ਇਸ ਵਿਚ ਕਈ ਸੱਭਿਆਚਾਰਾਂ ਦਾ ਮਿਸ਼ਰਣ ਵੇਖਣ ਨੂੰ ਮਿਲਦਾ ਹੈ | ਸਭ ਤੋ ਪਹਿਲਾਂ ਆਰੀਆ ਲੋਕਾਂ ਦਾ ਭਾਰਤ ਆਉਣਾ, ਪੰਜਾਬ ਦੀ ਰਮਣੀਕ ਧਰਤੀ ਉੱਪਰ ਆਪਣਾ ਰੈਣ ਬਸੇਰਾ ਬਣਾਉਣਾ | ਪੰਜਾਬ ਨੂੰ ਖੇਤੀ ਦੀ ਦੇਣ ਆਰੀਆ ਲੋਕਾਂ ਨੇ ਦਿੱਤੀ | ਇਸੇ ਤਰ੍ਹਾਂ ਆਰੀਆ ਤੋ ਬਾਅਦ ਸ਼ੱਕ ,ਹੂਣ, ਮੁਸਲਮਾਨ ਅਤੇ ਫਿਰ ਅੰਗਰੇਜ਼ਾਂ ਨੇ ਇਸ ਜ਼ਰਖੇਜ਼ ਧਰਤੀ ਨੂੰ ਆਪਣੇ ਲਾਭ ਲਈ ਵਰਤਿਆ | ਸਦੀਆਂ ਤੋ ਇਸ ਧਰਤੀ ਨੇ ਆਪਣੀ ਹਿੱਕ ਤੇ ਰਿਸ਼ੀਆਂ , ਮੁਨੀਆਂ , ਪੀਰਾਂ , ਫ਼ਕੀਰਾਂ ਦੀਆਂ ਪੈੜਾਂ ਨੂੰ ਸਾਂਭ ਕੇ ਦੁਨੀਆਂ ਦੀ ਸਭ ਤੋ ਪਹਿਲੀ ਕਿਤਾਬ ‘ਰਿਗਵੇਦ’ ਦੀ ਰਚਨਾ ਕਰਕੇ ਸੱਭਿਅਤਾ ਦਾ ਮੁੱਢ ਬੰਨ੍ਹਿਆ ਹੈ | ਪੂਰਨ ਸਿੰਘ ਦੀ ਸਤਰ “ਪੰਜਾਬ ਸਾਰਾ ਜੀਂਦਾ ਗੁਰਾਂ ਦੇ ਨਾਮ ਤੇ” ਇਸ ਦੀ ਗਵਾਹੀਭਰਦੀ ਹੈ ਕਿ ਸਿੱਖ ਚਿੰਤਨ ਨੇ “ਏਕ ਪਿਤਾ ਏਕਸ ਕੇ ਹਮ ਬਾਰੀਕ” ਆਖ ਕੇ ਜਾਂ ‘ਸੰਗਤ ਤੇ ਪੰਗਤ’ ਦਾ ਸੰਕਲਪ ਸਿਰਜ ਕੇ ਗਲੋਬਲ ਵਿਲੇਜ ਦੀ ਨੀਂਹ ਰੱਖੀ ਹੈ | ਇਉਂ ਅਸੀਂ ਆਖ ਸਕਦੇ ਹਾਂ ਕਿ ਗਲੋਬਲਾਈਜ਼ੇਸ਼ਨ ਦਾ ਪਹਿਲਾ ਕਦਮ ਵੀ ਪੰਜਾਬੀਆਂ ਨੇ ਹੀ ਧਰਿਆ ਹੈ |
ਗਲੋਬਲਾਈਜ਼ੇਸ਼ਨ ਦੇ ਪ੍ਰਭਾਵ ਕਰਕੇ ਪੰਜਾਬੀਆਂ ਨੇ ਜਿੱਥੇ ਆਪਣੇ ਖਾਣ ਪੀਣ ਅਤੇ ਰਹਿਣ ਸਹਿਣ ਵਿੱਚ ਵੱਡੀਆਂ ਤਬਦੀਲੀਆਂ ਦਾ ਅਸਰ ਕਬੂਲਿਆ ਉੱਥੇ ਨਾਲ ਹੀ ਪੰਜਾਬੀ ਮਾਨਸਿਕਤਾ ਨੂੰ ਵੀ ਵੱਡੇ ਪੱਧਰ ਉੱਪਰ ਇਸ ਦੀ ਛਾਪ ਲੱਗ ਚੁੱਕੀ ਹੈ | ‘ਕਿਰਤ ਕਰੋ ਅਤੇ ਵੰਡ ਛਕੋ’ ਸਿਧਾਂਤ ਦੇ ਹਾਮੀ ਪੰਜਾਬੀ ਅੱਜ “ਨਿੱਜਵਾਦ” ਤਕ ਹੀ ਸੀਮਤ ਹੁੰਦੇ ਜਾ ਰਹੇ ਹਨ | ਅਣਖ , ਇੱਜ਼ਤ ਅਤੇ ਭਾਈਚਾਰੇ ਲਈ ਮਰ ਮਿਟਣ ਵਾਲੇ ਇਹ ਲੋਕ “ਮੈਨੂੰ ਕੀ” ਤਕ ਸੀਮਤ ਹੁੰਦੇ ਜਾ ਰਹੇ ਹਨ | ਗਲੋਬਲਾਈਜ਼ੇਸ਼ਨ ਨੇ ਰਿਸ਼ਤੇ ਨਾਤੇ ਪ੍ਰਬੰਧ ਨੂੰ ਵੱਡੀ ਸੱਟ ਮਾਰੀ ਹੈ | ਰਿਸ਼ਤਿਆਂ ਵਿੱਚੋਂ ਅਪਣੱਤ ਅਤੇ ਮੋਹ ਪਿਆਰ ਖ਼ਤਮ ਹੋ ਰਿਹਾ ਹੈ | ਸਭ ਰਿਸ਼ਤੇ ਅੰਕਲ ਆਂਟੀ ਤੱਕ ਸੀਮਤ ਹੋ ਕੇ ਰਹਿ ਗਏ ਹਨ |
ਗਲੋਬਲਾਈਜ਼ੇਸ਼ਨ ਦਾ ਵਰਤਾਰਾ ਸਿਰਫ਼ ਆਰਥਿਕਤਾ ਨੂੰ ਹੀ ਪ੍ਰਭਾਵਿਤ ਨਹੀਂ ਕਰਦਾ ਸਗੋਂ ਸੱਭਿਆਚਾਰ ਦੀਆਂ ਧੱਜੀਆਂ ਉਡਾਉਂਦਾ ਨਜ਼ਰ ਆਉਂਦਾ ਹੈ | ਇਹ ਵਰਤਾਰਾ ਕੋਈ ਸਹਿਜ ਮਾਨਵੀ ਵਿਕਾਸ ਨਹੀਂ , ਸਗੋਂ ਸੋਚੀ ਸਮਝੀ ਚਾਲ ਵਿੱਚੋਂ ਉਪਜ ਕੇ ਸਾਡੇ ਸਾਹਮਣੇ ਆਇਆ ਹੈ | ਜੋ ਆਦਮੀ ਢਲਦਾ ਪਰਛਾਵਾਂ ਜਾਂ ਤਾਰਿਆਂ ਦੀ ਚਾਲ ਵੇਖ ਕੇ ਸਮੇਂ ਦਾ ਸਹੀ ਅਨੁਮਾਨ ਲਗਾ ਸਕਦਾ ਸੀ , ਉਹ ਅੱਜ ਘੜੀ ਦੀਆਂ ਸੂਈਆਂ ਦਾ ਮੁਥਾਜ ਹੈ | ਸਾਡੀ ਪੀੜ੍ਹੀ ਉਂਗਲਾਂ ਪੋਟਿਆਂ ਨਾਲ ਜਾਂ ਰਟੇ ਰਟਾਏ ਪਹਾੜਿਆਂ ਨਾਲ ਜੋ ਹਿਸਾਬ ਲਗਾਉਂਦੀ ਰਹੀ ਹੈ ਉਹੀ ਹਿਸਾਬ ਅੱਜ ਦੀ ਪੀੜ੍ਹੀ ਨੂੰ ਕੈਲਕੁਲੇਟਰ ਬਿਨਾਂ ਜੇ ਨਾਮੁਮਕਨ ਨਹੀਂ ਤਾਂ ਕਠਨ ਜ਼ਰੂਰ ਲੱਗਦਾ ਹੈ | ਬਾਬਾ ਨਾਨਕ ਨੇ ਸਦੀਆਂ ਪਹਿਲਾਂ “ਪਾਤਾਲਾ ਪਾਤਾਲ ਲਖ ਆਗਾਸਾ ਆਗਾਸ” ਆਪਣੀ ਇਸ ਪ੍ਰਤੱਖਣ ਵਿਧੀ ਵਿੱਚੋਂ ਹੀ ਕਿਆਸਿਆ ਹੋਵੇਗਾ , ਜਿਸ ਨੂੰ ਸਾਇੰਸ ਅੱਜ ਸਿੱਧ ਕਰਨ ਦੇ ਯਤਨ ਕਰ ਰਹੀ ਹੈ | ਸਾਨੂੰ ਲੋੜ ਹੈ ਇਸ ਵਿਕਾਸ ਦੀ ਆੜ ਹੇਠ ਅਸੀਂ ਸੱਭਿਆਚਾਰ ਵਿਰੋਧੀ ਤੱਤਾਂ ਦਾ ਡਟ ਕੇ ਸਾਹਮਣਾ ਕਰੀਏ ਅਤੇ ਅਜਿਹੀਆਂ ਨੀਤੀਆਂ ਅਪਣਾਈਏ ,ਜਿਸ ਨਾਲ ਸਾਡਾ ਵਿਕਾਸ ਸੱਭਿਆਚਾਰਕ ਹੱਦਾਂ ਦੇ ਅੰਦਰ ਰਹਿ ਕੇ ਹੋਸਕੇ |
Simranjit Kaur
(TGT Punjabi)
Kundan International School Chandigarh